ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਕਿਤਾਬਾਂ ਨੇ ਮਿਆਰੀ ਸਿੱਖਿਆ ਛਿੱਕੇ ਟੰਗੀ

ਬਠਿੰਡਾ : ਨਿੱਜੀ ਸਕੂਲਾਂ ਵੱਲੋਂ ਆਪਣੀ ਮਨ ਮਰਜ਼ੀ ਨਾਲ ਹਰ ਸਾਲ ਫੀਸਾਂ ਵਿੱਚ ਵਾਧਾ ਕੀਤਾ ਜਾਂਦਾ ਹੈ ਤੇ ਆਪਣੀ ਮਰਜ਼ੀ ਅਨੁਸਾਰ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਲਗਵਾਈਆਂ ਕਿਤਾਬਾਂ ਨਾਲ ਲੁੱਟ ਕੀਤੀ ਜਾ ਰਹੀ ਹੈ।

ਨਿੱਜੀ ਸਕੂਲਾਂ ਵੱਲੋਂ ਹਰ ਸਾਲ ਵਧਾਈਆਂ ਜਾਂਦੀਆਂ ਫੀਸਾਂ ਦੇ ਸਬੰਧ ’ਚ ਪਿਛਲੇ ਦਿਨੀਂ ਸਮਰ ਹਿੱਲ ਕਾਨਵੈਂਟ ਸਕੂਲ ਖ਼ਿਲਾਫ਼ ਵੀ ਮਾਪਿਆਂ ਨੇ ਨਾਅਰੇਬਾਜ਼ੀ ਕੀਤੀ ਸੀ। ਸਕੂਲਾਂ ’ਚ ਲਗਾਈਆਂ ਜਾਂਦੀਆਂ ਕਿਤਾਬਾਂ ਦੇ ਸਬੰਧੀ ਬਠਿੰਡਾ ਦੇ ਰਹਿਣ ਵਾਲੇ ਹੇਮਜੀਤ ਸਿੰਘ ਦਾ ਕਹਿਣਾ ਹੈ ਕਿ ਬੀਏ ਜਾਂ ਐਮਏ ਦੀਆਂ ਕਿਤਾਬਾਂ ਤੋਂ ਵੀ ਮਹਿੰਗੀਆਂ ਪ੍ਰਾਈਵੇਟ ਸਕੂਲਾਂ ਦੀਆਂ ਕਿਤਾਬਾਂ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਉਸਦੀਆਂ ਕਿਤਾਬਾਂ 5 ਹਜ਼ਾਰ ਦੀਆਂ ਆਈਆਂ ਹਨ। ਇਹ ਕਿਤਾਬਾਂ ਕੋਈ ਇੰਨੀਆਂ ਮਿਆਰੀ ਵੀ ਨਹੀਂ ਹਨ, ਜਦੋਂਕਿ ਐਨਸੀਆਰਟੀ ਦੀਆਂ ਕਿਤਾਬਾਂ ਸੀਬੀਐਸਈ ਦੇ ਵਿਦਿਆਰਥੀਆਂ ਲਈ ਮਿਆਰੀ ਤੇ ਸਸਤੀਆਂ ਵੀ ਹਨ। ਇੱਕ ਮਹਿਲਾ ਨੇ ਦੱਸਿਆ ਕਿ ਉਸਦੇ ਬੱਚੇ ਦੋ ਛੇਵੀਂ ਤੇ ਨੌਵੀਂ ਜਮਾਤ ’ਚ ਸਨਾਵਰ ਸਕੂਲ ਵਿੱਚ ਪੜ੍ਹਦੇ ਹਨ। ਉਨ੍ਹਾਂ ਦੀਆਂ ਕਿਤਾਬਾਂ 18 ਹਜ਼ਾਰ ਆਈਆਂ ਹਨ। ਕਈ ਮਾਪਿਆਂ ਦਾ ਕਹਿਣਾ ਹੈ ਕਿ ਕਈ ਸਕੂਲਾਂ ਦਾ ਦੁਕਾਨਦਾਰਾਂ ਨਾਲ ਵੀ ਕਿਤਾਬਾਂ ਵੇਚਣ ਦੇ ਮਾਮਲੇ ’ਚ ਕਮਿਸ਼ਨ ਹੁੰਦਾ ਹੈ। ਸਕੂਲਾਂ ’ਚ 30 ਤੋਂ 35 ਫੀਸਦੀ ਦਾਖਲਾ ਫੀਸਾਂ ਤੇ 20 ਫੀਸਦੀ ਕਿਤਾਬਾਂ ਤੇ ਹੋਰ ਸਟੇਸ਼ਨਰੀ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ।
ਕਿਤਾਬਾਂ ਦੇ ਮਾਮਲੇ ’ਚ ਐਸਐਸਡੀ ਕੰਨਿਆ ਵਿਦਿਆਲਿਆ ਸਕੂਲ ਦੇ ਸਾਹਮਣੇ ਪਰਵੀਨ ਬੁੱਕ ਸਟੋਰ ’ਤੇ ਦੁਕਾਨਦਾਰ ਨਾਲ ਗੱਲਬਾਤ ਕਰਨ ’ਤੇ ਜਦੋਂ ਪਹਿਲੀ ਤੋਂ ਅਠਵੀਂ ਜਮਾਤ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਜਾਣਕਾਰੀ ਨਹੀਂ ਦੇ ਸਕਦੇ। ਇਹ ਜਾਣਕਾਰੀ ਸਕੂਲ ਤੋਂ ਹੀ ਹਾਸਲ ਹੋਵੇਗੀ। ਇਸ ਮਾਮਲੇ ’ਚ ਨਾਗਰਿਕ ਚੇਤਨਾ ਮੰਚ ਦੇ ਆਗੂ ਜਗਮੋਹਨ ਕੌਸ਼ਲ ਨੇ ਕਿਹਾ ਕਿ ਮੌਜੂਦਾ ਸਿੱਖਿਆ ਢਾਂਚੇ ਦਾ ਪੂਰ੍ਹੀ ਤਰ੍ਹਾਂ ਵਪਾਰੀਕਰਨ ਹੁੰਦਾ ਜਾ ਰਿਹਾ ਹੈ ਤੇ ਸਿੱਖਿਆ ਖੇਤਰ ’ਚ ਸੁਧਾਰ ਲਿਆਉਣ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਇਸ ਵਿੱਚ ਮਾਪੇ ਵੀ ਦੋਸ਼ੀ ਹਨ, ਜੋ ਕਿ ਸਿੱਖਿਆ ਵਿੱਚ ਆ ਰਹੇ ਵਪਾਰੀਕਰਨ ਬਾਰੇ ਜਾਗਰੂਕ ਨਹੀਂ ਹਨ। ਇਸੇ ਕਾਰਨ ਇਹ ਸਿੱਖਿਆ ਦੇਣ ਵਾਲੇ ਅਦਾਰੇ ਵਪਾਰੀਕਰਨ ਵਜੋਂ ਵਿਕਸਤ ਹੁੰਦੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ’ਚ ਹੀ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣ ਕਿ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ’ਚ ਦਾਖਲ ਹੀ ਨਾ ਕਰਵਾਉਣ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਕੰਵਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਆਰਟੀਈ ਐਕਟ ਅਨੁਸਾਰ ਹਦਾਇਤਾਂ ਕੀਤੀਆਂ ਹਨ।